
ਛੱਤੀਸਗੜ੍ਹ ਵਿਧਾਨਸਭਾ ਚੋਣਾ ਲਈ ਪਹਿਲੇ ਗੇੜ ਦੇ ਮਤਦਾਨ ਵਿਚ ਸੋਮਵਾਰ ਨੂੰ ਕਰੀਬ 70 ਫ਼ੀ ਸਦੀ ਚੋਣਾ ਪਈਆਂ......
ਨਵੀਂ ਦਿੱਲੀ : ਛੱਤੀਸਗੜ੍ਹ ਵਿਧਾਨਸਭਾ ਚੋਣਾ ਲਈ ਪਹਿਲੇ ਗੇੜ ਦੇ ਮਤਦਾਨ ਵਿਚ ਸੋਮਵਾਰ ਨੂੰ ਕਰੀਬ 70 ਫ਼ੀ ਸਦੀ ਚੋਣਾ ਪਈਆਂ। ਸੀਨੀਆਰ ਡਿਪਟੀ ਸਬ ਚੋਣ ਕਮਿਸ਼ਨਰ ਉਮੇਸ਼ ਸਿੰਘ ਨੇ ਦਸਿਆ ਕਿ ਮਤਦਾਨ ਪ੍ਰਤੀਸ਼ਤ ਵਿਚ ਵਾਧਾ ਹੋ ਸਕਦਾ ਹੈ ਕਿਉਂਕਿ ਅਜੇ ਅਖ਼ੀਰਲੇ ਅੰਕੜੇ ਮਿਲਣੇ ਬਾਕੀ ਹਨ। ਛੱਤੀਸਗੜ੍ਹ ਦੀ 90 ਵਿਧਾਨਸਭਾ ਸੀਟਾਂ ਵਿਚੋਂ ਪਹਿਲੇ ਗੇੜ ਦੀਆਂ ਚੋਣਾ ਵਿਚ 18 ਸੀਟਾਂ ਲਈ ਮਤਦਾਨ ਹੋਇਆ। ਚੋਣ ਕਮਿਸ਼ਨ ਅਨੁਸਾਰ ਸ਼ਾਮ 5.30 ਵਜੇ ਤਕ ਕੁੱਲ ਮਤਦਾਨ 58.55 ਪ੍ਰਤੀਸ਼ਤ ਸੀ।
ਉਨ੍ਹਾਂ ਦਸਿਆ ਕਿ ਕੋਂਡਾਗਾਂਵ ਵਿਚ 61.47 ਪ੍ਰਤੀਸ਼ਤ, ਕੇਸ਼ਕਾਲ ਵਿਚ 63.51 ਪ੍ਰਤੀਸ਼ਤ, ਕਾਂਕੇਰ ਵਿਚ 62 ਪ੍ਰਤੀਸ਼ਤ, ਬਸਤਰ ਵਿਚ 58 ਪ੍ਰਤੀਸ਼ਤ, ਦੰਤੇਵਾੜਾ ਵਿਚ 49 ਪ੍ਰਤੀਸ਼ਤ, ਖੌਰਾਗੜ੍ਹ ਵਿਚ 70.14 ਪ੍ਰਤੀਸ਼ਤ, ਡੋਂਗਰਗੜ੍ਹ ਵਿਚ 71 ਪ੍ਰਤੀਸ਼ਤ, ਡੋਂਗਰਗਾਂਵ ਵਿਚ 71 ਪ੍ਰਤੀਸ਼ਤ ਅਤੇ ਖੁੱਜੀ ਵਿਧਾਨਸਭਾ ਸੀਟ ਲਈ 72 ਪ੍ਰਤੀਸ਼ਤ ਮਤਦਾਨ ਹੋਇਆ। ਇਨ੍ਹਾਂ 18 ਸੀਟਾਂ ਵਿਚੋਂ 12 ਸੀਟਾਂ ਆਦਿਵਾਸੀ ਕਬੀਲਿਆਂ ਲਈ ਅਤੇ ਇਕ ਸੀਟ ਅਣਸੂਚਿਤ ਜਾਤੀ ਲਈ ਰਾਖਵੀਂ ਹੈ। ਰਾਜ ਵਿਚ 72 ਵਿਧਾਨਸਭਾ ਸੀਟਾਂ ਲਈ 20 ਨਵੰਬਰ ਨੂੰ ਚੋਣਾ ਹੋਣਗੀਆਂ ਅਤੇ ਨਤੀਜਿਆਂ ਦਾ ਐਲਾਨ 11 ਦਸੰਬਰ ਨੂੰ ਹੋਵੇਗਾ। (ਪੀਟੀਆਈ)