ਨਿਰਾਸ਼ ਹੋ ਕੇ ਝੂਠ ਬੋਲ ਰਹੇ ਹਨ ਰਾਹੁਲ, ਭਾਜਪਾ ਦਾ ਪਲਟਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਰਾਹੁਲ ਗਾਂਧੀ ਦੇ ਦੋਸ਼ਾਂ 'ਤੇ ਪਲਟਵਾਰ ਕਰਦੇ ਹੋਏ ਭਾਜਪਾ ਨੇ ਰਾਹੁਲ ਗਾਂਧੀ 'ਤੇ ਝੂਠ ਬੋਲਣ ਦਾ ਦੋਸ਼ ਲਗਾਇਆ ਅਤੇ ਕਿਹਾ...

Ravishankar Parsad BJP

ਨਵੀਂ ਦਿੱਲੀ : ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਰਾਹੁਲ ਗਾਂਧੀ ਦੇ ਦੋਸ਼ਾਂ 'ਤੇ ਪਲਟਵਾਰ ਕਰਦੇ ਹੋਏ ਭਾਜਪਾ ਨੇ ਰਾਹੁਲ ਗਾਂਧੀ 'ਤੇ ਝੂਠ ਬੋਲਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਸਮੇਂ ਸੌਦੇ ਦੀ ਕੀਮਤ ਦੀ ਤੁਲਨਾ ਵਿਚ ਐਨਡੀਏ ਸਰਕਾਰ ਵਲੋਂ ਤੈਅ ਸੌਦੇ ਦੀ ਕੀਮਤ 9 ਫ਼ੀਸਦੀ ਘੱਟ ਹੈ। ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਰਾਹੁਲ ਗਾਂਧੀ ਇੰਨੇ ਨਿਰਾਸ਼ ਹੋ ਗਏ ਹਨ ਕਿ ਝੂਠ ਬੋਲਣ 'ਤੇ ਤੁਲੇ ਹੋਏ ਹਨ। 

ਕਾਂਗਰਸ ਪ੍ਰਧਾਨ ਦੇ ਦੋਸ਼ਾਂ 'ਤੇ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ ਨੇ ਸਵਾਲ ਕੀਤਾ ਕਿ ਰਾਹੁਲ ਗਾਂਧੀ ਅਪਣੇ ਝੂਠੇ ਪ੍ਰਚਾਰ ਦੇ ਤਹਿਤ ਦੇਸ਼ ਹਿੱਤ ਦੀਆਂ ਕਿੰਨੀਆਂ ਅਣਦੇਖੀਆਂ ਕਰਨਗੇ? ਭਾਜਪਾ ਨੇਤਾ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਨੇ ਸੰਸਦ ਵਿਚ ਇਹ ਬਿਆਨ ਦਿਤਾ ਕਿ ਫਰਾਂਸ ਦੇ ਰਾਸ਼ਟਰਪਤੀ ਨੇ ਉਸ ਨੂੰ ਕਿਹਾ ਕਿ ਗੁਪਤਤਾ ਦੇ ਸਬੰਧ ਵਿਚ ਕੋਈ ਕਰਾਰ ਨਹੀਂ ਹੈ, ਉਦੋਂ ਪਹਿਲੀ ਵਾਰ ਸੰਸਦ ਵਿਚ ਦਿਤੇ ਗਏ ਬਿਆਨ 'ਤੇ ਫਰਾਂਸ ਦੀ ਸਰਕਾਰ ਵਲੋਂ ਬਿਆਨ ਆਇਆ, ਜਿਸ ਵਿਚ ਉਨ੍ਹਾਂ ਦੀ ਗੱਲ ਨੂੰ ਗ਼ਲਤ ਦਸਿਆ ਗਿਆ। 

ਪ੍ਰਸਾਦ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਸੀ ਕਿ ਸੰਸਦ ਵਿਚ ਦਿਤੇ ਗਏ ਕਿਸੇ ਬਿਆਨ ਨੂੰ ਫਰਾਂਸ ਸਰਕਾਰ ਨੇ ਗ਼ਲਤ ਦਸਿਆ ਹੋਵੇ। ਉਨ੍ਹਾਂ ਕਿਹਾ ਕਿ ਸੱਚ ਤਾਂ ਇਹ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਸਮੇਂ ਸੌਦੇ ਦੀ ਜੋ ਕੀਮਤ ਸੀ, ਉਸ ਦੀ ਤੁਲਨਾ ਵਿਚ ਐਨਡੀਏ ਸਰਕਾਰ ਵਲੋਂ ਤੈਅ ਸੌਦੇ ਦੀ ਕੀਮਤ 9 ਫ਼ੀਸਦੀ ਘੱਟ ਹੈ।

ਉਨ੍ਹਾਂ ਨੇ ਪਹਿਲਾਂ ਵਾਲੀ ਯੂਪੀਏ ਸਰਕਾਰ ਦੇ ਦੌਰਾਨ ਸੰਸਦ ਵਿਚ ਪੁੱਛੇ ਗਏ ਸਵਾਲਾਂ 'ਤੇ ਤਤਕਾਲੀਨ ਰੱਖਿਆ ਅਤੇ ਵਿਦੇਸ਼ ਮੰਤਰੀ ਦੇ ਜਵਾਬਾਂ ਦਾ ਉਦਾਹਰਨ ਪੇਸ਼ ਕਰਦੇ ਹੋਏ ਕਿਹਾ ਕਿ ਦਸ ਸਾਲਾਂ ਤਕ ਉਨ੍ਹਾਂ ਦੀ (ਰਾਹੁਲ ਦੀ ਪਾਰਟੀ) ਸਰਕਾਰ ਦੇ ਦੌਰਾਨ ਰੱਖਿਆ ਮੰਤਰੀ ਕਹਿੰਦੇ ਰਹੇ ਕਿ ਰੱਖਿਆ ਖ਼ਰੀਦ ਦੇ ਸਬੰਧ ਵਿਚ ਗੁਪਤਤਾ ਰੱਖੀ ਜਾਂਦੀ ਹੈ। 

ਕੇਂਦਰੀ ਮੰਤਰੀ ਨੇ ਕਿਹਾ ਕਿ ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਦੁਸ਼ਮਣ ਨੂੰ ਹਥਿਆਰ ਦੀ ਸਮਰੱਥਾ ਦੀ ਜਾਣਕਾਰੀ ਨਾ ਹੋ ਸਕੇ। ਭਾਜਪਾ ਨੇਤਾ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹਿਸ ਕਰਨ ਦੀ ਸਮਰੱਥਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਚਾਰ ਸਾਲ ਵਿਚ ਸਾਰੇ ਫ਼ੈਸਲੇ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਲਏ ਹਨ। ਇਹ ਪੂਰਾ ਦੇਸ਼ ਜਾਣਦਾ ਹੈ। 

ਰਾਫ਼ੇਲ ਡੀਲ ਵੀ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਦੇ ਨਾਲ ਕੀਤੀ ਗਈ ਹੈ। ਪ੍ਰਸਾਦ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਇਹ ਸਮਝਦੇ ਹਨ ਕਿ ਮੋਦੀ ਸਰਕਾਰ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾ ਕੇ ਉਨ੍ਹਾਂ ਦੇ ਖਿਲਾਫ਼ ਚੱਲ ਰਹੀ ਕਾਰਵਾਈ ਨੂੰ ਘੱਟ ਕੀਤਾ ਜਾਵੇਗਾ ਤਾਂ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਸਵਾਲ ਕੀਤਾ ਕਿ ਰਾਹੁਲ ਗਾਂਧੀ ਅਪਣੇ ਝੂਠੇ ਪ੍ਰਚਾਰ ਦੇ ਤਹਿਤ ਦੇਸ਼ ਹਿੱਤ ਦੀਆਂ ਕਿੰਨੀਆਂ ਅਣਦੇਖੀਆਂ ਕਰਨਗੇ? ਉਨ੍ਹਾਂ ਕਿਹਾ ਕਿ ਕੀ ਰਾਹੁਲ ਗਾਂਧੀ ਇੰਨੇ ਗ਼ੈਰ ਜ਼ਿੰਮੇਵਾਰ ਹੋ ਜਾਣਗੇ ਕਿ ਖ਼ੁਦ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕਰਨਗੇ। 

ਪ੍ਰਸਾਦ ਨੇ ਕਿਹਾ ਕਿ ਰਾਹੁਲ ਗਾਂਧੀ ਨਿਰਾਸ਼ ਹੋ ਗਏ ਹਨ ਅਤੇ ਲਗਾਤਾਰ ਝੂਠ ਬੋਲ ਰਹੇ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਫ਼ੇਲ ਜਹਾਜ਼ ਸੌਦੇ ਦੇ ਮੁੱਦੇ 'ਤੇ ਬਹਿਸ ਕਰਨ ਦੀ ਅੱਜ ਚੁਣੌਤੀ ਦਿਤੀ। ਉਨ੍ਹਾਂ ਨੇ ਰਾਫੇਲ ਸੌਦੇ ਦੇ ਮੁੱਦੇ 'ਤੇ ਕਈ ਸਵਾਲ ਉਠਾਉਂਦੇ ਹੋਏ ਸਰਕਾਰ 'ਤੇ ਰਾਸ਼ਟਰੀ ਹਿੱਤਾਂ ਨਾਲ ਸਮਝੌਤਾ ਕਰਨ ਦਾ ਦੋਸ਼ ਲਗਾਇਆ ਹੈ।