ਰਾਫ਼ੇਲ ਕਰਾਰ : ਅੰਬਾਨੀ ਨੇ ਕਾਂਗਰਸ ਨੂੰ ਦਿਤੀ ਚੇਤਾਵਨੀ
ਅਰਬਾਂ ਡਾਲਰ ਦੇ ਰਾਫ਼ੇਲ ਕਰਾਰ ਨਾਲ ਨਾਜਾਇਜ਼ ਫ਼ਾਇਦਾ ਪਾਉਣ ਨੂੰ ਲੈ ਕੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਸਮੂਹ..............
ਨਵੀਂ ਦਿੱਲੀ : ਅਰਬਾਂ ਡਾਲਰ ਦੇ ਰਾਫ਼ੇਲ ਕਰਾਰ ਨਾਲ ਨਾਜਾਇਜ਼ ਫ਼ਾਇਦਾ ਪਾਉਣ ਨੂੰ ਲੈ ਕੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਸਮੂਹ ਨੇ ਕਾਂਗਰਸ ਦੇ ਕਈ ਆਗੂਆਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਕਿਹਾ ਹੈ ਕਿ ਉਹ ਅਜਿਹੇ ਦੋਸ਼ ਲਾਉਣੇ ਬੰਦ ਕਰਨ। ਹਾਲਾਂਕਿ ਕਾਂਗਰਸ ਨੇ ਪਲਟਵਾਰ ਕਰਦਿਆਂ ਕਿਹਾ ਕਿ ਅੰਬਾਨੀ ਦੀ ਕੰਪਨੀ ਵਲੋਂ ਭੇਜਿਆ ਨੋਟਿਸ 'ਭਾਜਪਾ ਅਤੇ ਕਾਰਪੋਰੇਟ ਜਗਤ ਵਿਚਕਾਰ ਗੰਢਤੁਪ' ਦਾ ਸਬੂਤ ਹੈ। ਕਾਂਗਰਸ ਆਗੂਆਂ ਨੇ ਕਿਹਾ ਕਿ ਉਹ ਅਜਿਹੇ ਨੋਟਿਸਾਂ ਤੋਂ ਡਰਨ ਜਾਂ ਚੁਪ ਹੋਣ ਵਾਲੇ ਨਹੀਂ ਹਨ।
ਰਿਲਾਇੰਸ ਵਲੋਂ ਕਾਂਗਰਸੀ ਆਗੂਆਂ ਨੂੰ ਨੋਟਿਸ ਅਜਿਹੇ ਸਮੇਂ ਭੇਜੇ ਗਏ ਹਨ ਜਦੋਂ ਕਾਂਗਰਸ ਨੇ ਰਾਫ਼ੇਲ ਕਰਾਰ ਦੇ ਮੁੱਦੇ 'ਤੇ ਕਰੀਬ ਇਕ ਮਹੀਨੇ ਤਕ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਆਗੂ 25 ਅਗੱਸਤ ਤੋਂ 6 ਸਤੰਬਰ ਤਕ ਦੇਸ਼ ਭਰ 'ਚ ਪ੍ਰੈੱਸ ਕਾਨਫ਼ਰੰਸਾਂ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਨਿਸ਼ਾਨਾ ਬਣਾਉਣਗੇ। ਪਾਰਟੀ ਨੇ ਸੱਤ ਸਤੰਬਰ ਤੋਂ ਜ਼ਿਲ੍ਹਾ ਅਤੇ ਸੂਬਾ ਪੱਧਰੀ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਵੀ ਉਲੀਕੀ ਹੈ।
ਹਾਲਾਂਕਿ ਰਿਲਾਇੰਸ ਸਮੂਹ ਨੇ ਕਾਂਗਰਸ ਦੇ ਦੋਸ਼ ਨਕਾਰੇ ਹਨ। ਕਰਾਰ ਹੇਠ ਫ਼ਰਾਂਸ ਦੀ ਦਸ਼ਾਅ ਕੰਪਨੀ ਲੜਾਕੂ ਜਹਾਜ਼ਾਂ ਦੀ ਸਪਲਾਈ ਕਰੇਗੀ। ਉਸ ਨੇ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਸਮੂਹ ਦੀ ਇਕ ਕੰਪਨੀ ਨਾਲ ਸਾਂਝਾ ਅਦਾਰਾ ਵੀ ਕਾਇਮ ਕੀਤਾ ਹੈ ਤਾਕਿ ਕਰਾਰ ਦੀਆਂ 'ਆਫ਼ਸੈੱਟ' ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ। (ਪੀਟੀਆਈ)