ਰੋਜ਼ਾਨਾ ਸਪੋਕਸਮੈਨ ਦੇ ਸ਼ਾਨਦਾਰ 13 ਸਾਲ ਪੂਰੇ ਹੋਣ 'ਤੇ ਦੇਸ਼-ਵਿਦੇਸ਼ 'ਚੋਂ ਮੁਬਾਰਕਾਂ
ਹਿੰਦੀ, ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਅਖ਼ਬਾਰਾਂ ਦੇ ਮੁਕਾਬਲੇ ਦਾ ਹੋਇਆ ਸਪੋਕਸਮੈਨ : ਵਿਦਵਾਨ........
ਕੋਟਕਪੂਰਾ : ਰੋਜ਼ਾਨਾ ਸਪੋਕਸਮੈਨ ਦੇ ਸੰਘਰਸ਼ਮਈ ਅਤੇ ਔਕੜਾਂ ਨਾਲ ਭਰਪੂਰ ਪਰ ਸਫ਼ਲਤਾਪੂਰਵਕ 13 ਸਾਲ ਪੂਰੇ ਹੋਣ ਅਤੇ 14ਵੇਂ ਸਾਲ 'ਚ ਦਾਖ਼ਲ ਹੋਣ ਦੀ ਖ਼ੁਸ਼ੀ 'ਚ ਵਧਾਈਆਂ ਦੇਣ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਭਾਵੇਂ ਦੁਨੀਆਂ ਭਰ ਦੇ ਇਤਿਹਾਸ 'ਚ ਕਿਸੇ ਅਖ਼ਬਾਰ ਨੂੰ ਮਾਰਨ ਜਾਂ ਬੰਦ ਕਰਾਉਣ ਲਈ ਸ਼ਕਤੀਸ਼ਾਲੀ ਲੋਕਾਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਾਉਣ ਦੀ ਇਕ ਵੀ ਮਿਸਾਲ ਨਹੀਂ ਮਿਲਦੀ, ਜਿਸ ਤਰ੍ਹਾਂ 'ਰੋਜ਼ਾਨਾ ਸਪੋਕਸਮੈਨ' ਵਿਰੁਧ ਚਹੁੰਪਾਸੜ ਹੱਲੇ ਬੋਲੇ ਗਏ, ਕੂੜ-ਪ੍ਰਚਾਰ ਕੀਤਾ ਗਿਆ, ਸਰਕਾਰੀ ਇਸ਼ਤਿਹਾਰਾਂ 'ਤੇ ਪਾਬੰਦੀ, ਪੰਥ 'ਚੋਂ ਛੇਕਣ ਦਾ ਅਖੌਤੀ ਹੁਕਮਨਾਮਾ, ਝੂਠੇ ਪੁਲਿਸ ਕੇਸ ਆਦਿਕ ਪਰ ਫ਼ਿਰ ਵੀ 'ਰੋਜ਼ਾਨਾ ਸਪੋਕਸਮੈਨ' ਦੁਨੀਆਂ ਦਾ ਸੱਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖ਼ਬਾਰ ਬਣ ਗਿਆ।
ਪ੍ਰੋ.ਦਰਸ਼ਨ ਸਿੰਘ ਖਾਲਸਾ ਸਾਬਕਾ ਮੁੱਖ ਸੇਵਾਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਾਅਵਾ ਕੀਤਾ ਕਿ ਪੰਥ ਦੀ ਅਵਾਜ਼ ਬਣ ਚੁੱਕੇ ਰੋਜ਼ਾਨਾ ਸਪੋਕਸਮੈਨ ਨੇ 13 ਸਾਲ ਪਹਿਲਾਂ ਜਦੋਂ ਜਨਮ ਲਿਆ, ਉਦੋਂ ਤੋਂ ਲੈ ਕੇ ਅੱਜ ਤਕ ਪੁਜਾਰੀਵਾਦ ਦਾ ਹਰ ਕੁਹਾੜਾ ਝਲਦਾ ਆ ਰਿਹਾ ਹੈ ਪਰ ਈਨ ਨਹੀਂ ਮੰਨੀ। ਉਨ੍ਹਾਂ ਕਾਮਨਾ ਕੀਤੀ ਕਿ ਸ. ਜੋਗਿੰਦਰ ਸਿੰਘ ਅਤੇ ਬੀਬੀ ਜਗਜੀਤ ਕੌਰ ਵਲੋਂ ਅਰੰਭੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਪ੍ਰਾਜੈਕਟ ਨੂੰ ਮੁਕੰਮਲ ਹੋਣ 'ਚ ਵੀ ਜਲਦ ਸਫ਼ਲਤਾ ਮਿਲੇ। ਉਨ੍ਹਾਂ ਦੇਸ਼-ਵਿਦੇਸ਼ 'ਚ ਅਪਣੀ ਵਖਰੀ ਪਛਾਣ ਦੇ ਮੀਲ ਪੱਥਰ ਗੱਡਣ ਲਈ ਰੋਜ਼ਾਨਾ ਸਪੋਕਸਮੈਨ ਦੇ ਪ੍ਰਬੰਧਕਾਂ, ਪੱਤਰਕਾਰਾਂ ਤੇ ਸਹਿਯੋਗੀਆਂ ਨੂੰ ਮੁਬਾਰਕਬਾਦ ਦਿਤੀ।
ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਕਿ ਪੁਜਾਰੀਵਾਦ ਨੇ ਹਮੇਸ਼ਾ ਪੰਥ ਲਈ ਚੜ੍ਹਦੀ ਕਲਾ ਦੀ ਬਜਾਏ ਢਹਿੰਦੀ ਕਲਾ ਦਾ ਰੋਲ ਨਿਭਾਇਆ ਹੈ ਅਤੇ ਹਮੇਸ਼ਾ ਪੰਥ ਦੀ ਬੇੜੀ 'ਚ ਵੱਟੇ ਹੀ ਪਾਏ ਹਨ। ਉਨ੍ਹਾਂ ਕਿਹਾ ਕਿ 'ਰੋਜ਼ਾਨਾ ਸਪੋਕਸਮੈਨ' ਵਲੋਂ ਡੇਰਾਵਾਦ, ਪਾਖੰਡਵਾਦ, ਗੰਦੀ ਰਾਜਨੀਤੀ, ਕਰਮਕਾਂਡ ਅਤੇ ਪੰਥ ਵਿਰੋਧੀ ਸ਼ਕਤੀਆਂ ਦੇ ਕੋਝੇ ਹਥਕੰਡਿਆਂ ਨੂੰ ਬੇਨਕਾਬ ਕਰਨ ਲਈ ਜੋ ਰੋਲ ਨਿਭਾਇਆ ਹੈ, ਉਸ ਦੀ ਜਿੰਨੀਂ ਪ੍ਰਸੰਸਾ ਕੀਤੀ ਜਾਵੇ, ਓਨੀ ਥੋੜੀ ਹੈ ਕਿਉਂਕਿ ਪੁਜਾਰੀਵਾਦ ਮੁੱਢ ਕਦੀਮ ਤੋਂ ਹੀ ਮਨੁੱਖਤਾ ਦਾ ਨੁਕਸਾਨ ਕਰਦਾ ਆ ਰਿਹਾ ਹੈ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਅਨੁਸਾਰ ਪੰਜਾਬੀ ਪੱਤਰਕਾਰੀ ਦੇ ਇਤਿਹਾਸ 'ਚ 'ਰੋਜ਼ਾਨਾ ਸਪੋਕਸਮੈਨ' ਇਕ ਅਜਿਹਾ ਅਖ਼ਬਾਰ ਸਾਬਤ ਹੋਇਆ ਹੈ ਜਿਸ ਨੂੰ ਸਿੱਖ ਮੁਖੌਟੇ ਵਾਲੀਆਂ ਪੰਥ ਵਿਰੋਧੀ ਸ਼ਕਤੀਆਂ, ਡੇਰੇਦਾਰਾਂ ਤੇ ਪੁਜਾਰੀਆਂ ਨੇ ਬੰਦ ਕਰਾਉਣ ਲਈ ਹਰ ਹੋਛਾ ਹੱਥਕੰਡਾ ਵਰਤਿਆ, ਸ਼ਰਮਨਾਕ ਹਰਕਤਾਂ ਤੇ ਸਰਕਾਰੀ ਕੁਹਾੜੇ ਦੇ ਬਾਵਜੂਦ ਵੀ 'ਰੋਜ਼ਾਨਾ ਸਪੋਕਸਮੈਨ' ਦੁਨੀਆਂ ਦੇ ਕੋਨੇ-ਕੋਨੇ 'ਚ ਬੈਠੇ ਪੰਜਾਬੀਆਂ ਦੀ ਪਹਿਲੀ ਪਸੰਦ ਬਣ ਗਿਆ। ਹੁਣ ਦੁਨੀਆਂ ਭਰ 'ਚ ਪੰਜਾਬੀ ਤੇ ਗੈਰ ਪੰਜਾਬੀ ਵੀ ਇਸ ਦੀ ਬੜੀ ਉਤਸੁਕਤਾ ਨਾਲ ਉਡੀਕ ਕਰਦੇ ਹਨ।