ਤੰਦਰੁਸਤ ਪੰਜਾਬ ਮਿਸ਼ਨ : ਕਿੰਨਾ ਕੁ ਤੰਦਰੁਸਤ ਹੈ ਪਿੰਡ ਬਡਾਲੀ ਆਲਾ ਸਿੰਘ?
ਪਿੰਡ ਦੀ ਸੱਭ ਤੋਂ ਵੱਡੀ ਸਮੱਸਿਆ ਗੰਦੇ ਪਾਣੀ ਦੀ ਨਿਕਾਸੀ ਨਾ ਹੋਣਾ ਹੈ।
ਸ੍ਰੀ ਫ਼ਤਿਹਗੜ੍ਹ ਸਾਹਿਬ : ਕੇਂਦਰ ਸਰਕਾਰ ਦੀ ‘ਫਿਟ ਇੰਡੀਆ’ ਲਹਿਰ ਤੋਂ ਇਕ ਕਦਮ ਅੱਗੇ ਵੱਧਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਨੂੰ ਸਮੁੱਚੇ ਦੇਸ਼ ਵਿਚ ਸਿਹਤਮੰਦ ਸੂਬਾ ਬਣਾਉਣ ਦੇ ਮਿਸ਼ਨ ਨਾਲ ਪਿਛਲੇ ਸਾਲ ਜੂਨ ਮਹੀਨੇ ਵਿਚ ‘ਤੰਦਰੁਸਤ ਪੰਜਾਬ’ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮਿਸ਼ਨ ਦਾ ਉਦੇਸ਼ ਸੂਬੇ ਦੀ ਆਬੋ-ਹਵਾ, ਪਾਣੀ ਅਤੇ ਭੋਜਨ ਦੀ ਗੁਣਵਤਾ ਸੁਧਾਰ ਕੇ ਪੰਜਾਬ ਵਾਸੀਆਂ ਨੂੰ ਰਹਿਣ-ਸਹਿਣ ਲਈ ਵਧੀਆ ਮਾਹੌਲ ਸਿਰਜਣਾ ਸੀ। ਇਸ ਤੋਂ ਇਲਾਵਾ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਤਕ ਸੁਵਿਧਾਵਾਂ ਪਹੁੰਚਾਈਆਂ ਜਾਣੀਆਂ ਸਨ। ਇਹ ਮੁਹਿੰਮ ਜ਼ਮੀਨੀ ਪੱਧਰ 'ਤੇ ਕਿੰਨੀ ਕੁ ਗੰਭੀਰਤਾ ਨਾਲ ਲਾਗੂ ਕੀਤੀ ਗਈ ਹੈ, ਇਸ ਬਾਰੇ ਜਾਨਣ ਲਈ 'ਸਪੋਕਸਮੈਨ ਟੀਵੀ' ਸੂਬੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਿਹਾ ਹੈ। ਇਸੇ ਤਹਿਤ 'ਸਪੋਕਸਮੈਨ ਟੀਵੀ' ਦੀ ਟੀਮ ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਬਡਾਲੀ ਆਲਾ ਸਿੰਘ ਪੁੱਜੀ।
'ਸਪੋਕਸਮੈਨ' ਦੇ ਪੱਤਰਕਾਰ ਨੇ ਪਿੰਡ ਬਡਾਲੀ ਆਲਾ ਸਿੰਘ ਦੇ ਵੱਖ-ਵੱਖ ਲੋਕਾਂ, ਬਜ਼ੁਰਗਾਂ, ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਪਿੰਡ ਦੀ ਹਾਲਤ ਬਾਰੇ ਜਾਣਿਆ। ਪਿੰਡ ਦੇ ਇਕ ਵਸਨੀਕ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਸੱਭ ਤੋਂ ਵੱਡੀ ਸਮੱਸਿਆ ਗੰਦੇ ਪਾਣੀ ਦੀ ਨਿਕਾਸੀ ਨਾ ਹੋਣਾ ਹੈ। ਭਾਵੇਂ ਗਲੀਆਂ ਪੱਕੀਆਂ ਬਣੀਆਂ ਹੋਈਆਂ ਹਨ, ਪਰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਪਾਣੀ ਘਰਾਂ ਦੀਆਂ ਨੀਂਹਾਂ ਅੰਦਰ ਵੜ ਰਿਹਾ ਹੈ, ਜਿਸ ਕਾਰਨ ਕਈ ਘਰਾਂ ਦੀਆਂ ਕੰਧਾਂ 'ਚ ਤ੍ਰੇੜਾਂ ਆ ਗਈਆਂ ਹਨ। ਪਾਣੀ ਵਾਲੇ ਪਾਣੀ ਦੀ ਸਪਲਾਈ ਦਾ ਪ੍ਰਬੰਧ ਵੀ ਮਾੜਾ ਹੈ। ਪੂਰੇ ਪਿੰਡ 'ਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪਾਈਪਾਂ ਪਈਆਂ ਹੋਈਆਂ ਹਨ ਪਰ ਅੱਧੇ ਪਿੰਡ 'ਚ ਪਾਣੀ ਪਹੁੰਚਦਾ ਹੈ ਅਤੇ ਅੱਧੇ 'ਚ ਨਹੀਂ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦਾ ਅੱਧਾ ਪਿੰਡ ਉੱਚਾ ਹੈ ਅਤੇ ਅੱਧਾ ਨੀਵਾਂ ਹੈ। ਲੋਕਾਂ ਨੂੰ ਆਪਣੇ ਖ਼ਰਚੇ 'ਤੇ ਨਲਕੇ ਅਤੇ ਸਬਮਰਸਿਬਲ ਲਵਾ ਕੇ ਪਾਣੀ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀ ਆਬਾਦੀ ਲਗਭਗ 2000 ਹੈ। ਚੋਣਾਂ ਦੇ ਦਿਨਾਂ 'ਚ ਕਈ ਸਿਆਸੀ ਆਗੂ ਵੋਟਾਂ ਮੰਗਣ ਆਉਂਦੇ ਹਨ ਅਤੇ ਵਾਅਦੇ ਕਰਦੇ ਹਨ ਕਿ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇਗਾ ਪਰ ਜਿਵੇਂ ਹੀ ਵੋਟਾਂ ਖ਼ਤਮ ਹੋ ਜਾਂਦੀਆਂ ਹਨ ਤਾਂ ਇਹ ਆਗੂ ਵੀ ਗ਼ਾਇਬ ਹੋ ਜਾਂਦੇ ਹਨ।
ਪਿੰਡ ਵਾਸੀ ਨੇ ਦੱਸਿਆ ਪਿੰਡ ਅੰਦਰ ਖੇਡ ਮੈਦਾਨ ਤਾਂ ਹੈ ਪਰ ਉਹ ਸਿਰਫ਼ ਨਾਂ ਦਾ ਹੀ ਹੈ। ਮੈਦਾਨ ਬਹੁਤ ਛੋਟਾ ਹੈ ਅਤੇ ਇਸ ਦੀ ਦੇਖਰੇਖ ਦਾ ਵੀ ਕੋਈ ਵਧੀਆ ਪ੍ਰਬੰਧ ਨਹੀਂ ਹੈ। ਮੀਂਹ ਪੈਣ 'ਤੇ ਇਹ ਮੈਦਾਨ ਟੋਭੇ ਦਾ ਰੂਪ ਧਾਰਨ ਕਰ ਲੈਂਦਾ ਹੈ। ਪਿੰਡ ਅੰਦਰ ਇਕ ਡਿਸਪੈਂਸਰੀ ਵੀ ਹੈ, ਉਸ ਦਾ ਵੀ ਇਹੀ ਹਾਲ ਹੈ। ਜ਼ਿਆਦਾਤਰ ਦਵਾਈਆਂ ਬਾਹਰੋਂ ਮੈਡੀਕਲ ਸ਼ਾਪ ਤੋਂ ਹੀ ਖਰੀਦਣੀਆਂ ਪੈਂਦੀਆਂ ਹਨ।
ਪਿੰਡ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਗੰਦੇ ਪਾਣੀ ਦਾ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਸਾਰੇ ਪਿੰਡ ਵਾਸੀ ਬਹੁਤ ਦੁਖੀ ਹੈ। ਪਾਣੀ ਨਾਲੀਆਂ 'ਚ ਹੀ ਖੜਾ ਰਹਿੰਦਾ ਹੈ, ਜੋ ਬੀਮਾਰੀਆਂ ਦਾ ਕਾਰਨ ਬਣ ਰਿਹਾ ਹੈ। ਖੜੇ ਗੰਦੇ ਪਾਣੀ 'ਚ ਮੱਛਰ-ਮੱਖੀਆਂ ਪੈਦਾ ਹੁੰਦੇ ਹਨ, ਜਿਸ ਕਾਰਨ ਡੇਂਗੂ, ਮਲੇਰੀਆ ਆਦਿ ਬੀਮਾਰੀਆਂ ਫੈਲਦੀਆਂ ਹਨ। ਜਦੋਂ ਮੀਂਹ ਪੈਂਦਾ ਹੈ ਤਾਂ ਗਲੀਆਂ ਨੱਕੋ-ਨੱਕ ਭਰ ਜਾਂਦੀਆਂ ਹਨ ਅਤੇ ਪਾਣੀ ਘਰਾਂ ਦੇ ਅੰਦਰ ਤਕ ਵੜ ਜਾਂਦਾ ਹੈ। ਕਈ-ਕਈ ਦਿਨ ਤਕ ਪਾਣੀ ਖੜਾ ਰਹਿੰਦਾ ਹੈ ਅਤੇ ਹੌਲੀ-ਹੌਲੀ ਧੁੱਪ ਤੇ ਗਰਮੀ ਨਾਲ ਸੁੱਕ ਜਾਂਦਾ ਹੈ। ਪਿੰਡ 'ਚ ਦੋ ਗੁਰਦੁਆਰਾ ਸਾਹਿਬ ਅਤੇ ਦੋ ਸ਼ਮਸ਼ਾਨ ਘਾਟ ਹਨ। ਬਜ਼ੁਰਗ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਨਸ਼ਾ ਬਹੁਤ ਘੱਟ ਹੈ।
ਇਕ ਹੋਰ ਪਿੰਡ ਵਾਸੀ ਨੇ ਦੱਸਿਆ ਕਿ ਇਕ ਸਮਾਂ ਉਹ ਹੁੰਦਾ ਸੀ ਜਦੋਂ ਪੰਜਾਬ ਨੂੰ ਹਿੰਮਤੀ, ਦਲੇਰ ਤੇ ਤਕੜੇ ਗੱਭਰੂਆਂ ਦੀ ਪਛਾਣ ਤੋਂ ਜਾਣਿਆ ਜਾਂਦਾ ਸੀ ਪਰ ਹੁਣ ਪੰਜਾਬ ਨੂੰ ਗ੍ਰਹਿਣ ਲੱਗ ਚੁੱਕਾ ਹੈ। ਉਹ ਹੈ ਨਸ਼ਿਆਂ ਦਾ ਗ੍ਰਹਿਣ। ਪਰਮਾਤਮਾ ਦੀ ਮਿਹਰ ਨਾਲ ਉਨ੍ਹਾਂ ਦਾ ਪਿੰਡ ਹਾਲੇ ਇਸ ਭੈੜੀ ਅਲਾਮਤ ਤੋਂ ਬਚਿਆ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਥਾਂ-ਥਾਂ 'ਤੇ ਨਸ਼ੀਲੇ ਪਦਾਰਥ ਆਸਾਨੀ ਨਾਲ ਮਿਲ ਰਹੇ ਹਨ, ਜਿਸ ਕਾਰਨ ਨੌਜਵਾਨ ਇਸ ਵੱਲ ਪੈ ਰਹੇ ਹਨ। ਨਸ਼ੇ ਦੇ ਵੱਡੇ ਮਗਰਮੱਛਾਂ ਨੂੰ ਫੜਨ ਦੀ ਬਜਾਏ ਪੁਲਿਸ ਅਤੇ ਸਰਕਾਰ ਛੋਟੇ ਤੇ ਗ਼ਰੀਬ ਲੋਕਾਂ ਨੂੰ ਫੜ ਕੇ ਜੇਲਾਂ ਅੰਦਰ ਪਾ ਰਹੀ ਹੈ।
ਪਿੰਡ ਵਾਸੀ ਨੇ ਦੱਸਿਆ ਕਿ ਜਿਹੜੇ ਹਿਸਾਬ ਨਾਲ ਪੰਜਾਬ ਦੇ ਧਰਤੀ ਹੇਠਲਾ ਪਾਣੀ ਖ਼ਤਮ ਹੋ ਰਿਹਾ ਹੈ, ਉਹ ਦਿਨ ਦੂਰ ਨਹੀਂ ਜਦੋਂ ਇਥੇ ਵੀ ਰਾਜਸਥਾਨ ਵਰਗੇ ਹਾਲਾਤ ਬਣ ਜਾਣਗੇ। ਪਿਛਲੇ ਤਿੰਨ-ਚਾਰ ਦਹਾਕੇ ਤੋਂ ਸੂਬੇ ਦੇ ਕਿਸਾਨਾਂ ਨੇ ਕਣਕ ਅਤੇ ਝੋਨੇ ਦਾ ਰਵਾਇਤੀ ਫ਼ਸਲੀ ਚੱਕਰ ਪੂਰੀ ਤਰ੍ਹਾਂ ਅਪਣਾਉਂਦਿਆਂ ਹੋਰ ਫ਼ਸਲਾਂ ਦੀ ਬੀਜਾਈ ਕਰਨ ਤੋਂ ਪੂਰੀ ਤਰ੍ਹਾਂ ਟਾਲਾ ਵੱਟ ਲਿਆ ਹੈ। ਦਿਨ-ਰਾਤ ਮਿਹਨਤ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਨੇ ਇਨ੍ਹਾਂ ਫ਼ਸਲਾਂ (ਕਣਕ ਅਤੇ ਝੋਨੇ) ਦੀ ਅਜਿਹੀ ਖੇਤੀ ਕੀਤੀ ਕਿ ਸਿਰਫ਼ ਡੇਢ ਫ਼ੀ ਸਦੀ ਰਕਬੇ ਦਾ ਮਾਲਕ, ਅੱਜ ਦੇਸ਼ ਦੇ ਅੰਨ-ਭੰਡਾਰ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ। ਹਰੀ ਕ੍ਰਾਂਤੀ ਨੇ ਬਿਨਾਂ ਸ਼ੱਕ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਨੂੰ ਤਾਂ ਮਜ਼ਬੂਤ ਕੀਤਾ ਹੈ ਪਰ ਇਸ ਦੇ ਨਾਲ ਹੀ ਪੰਜ ਪਾਣੀਆਂ ਦੀ ਧਰਤੀ ਵਜੋਂ ਜਾਣੇ ਜਾਂਦੇ ਪੰਜਾਬ ਦੇ ਲੋਕਾਂ ਨੂੰ ਪਾਣੀ ਦੇ ਗੰਭੀਰ ਸੰਕਟ ਪੈਦਾ ਹੋਣ ਦੇ ਮੋੜ 'ਤੇ ਵੀ ਲਿਆ ਕੇ ਖੜਾ ਕਰ ਦਿੱਤਾ ਹੈ। ਕੁਝ ਸਮਾਂ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਦੀ ਧਰਤੀ 'ਤੇ ਹਰ ਤਰ੍ਹਾਂ ਦੀ ਖੇਤੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਪਰ ਲਗਾਤਾਰ ਬੀਜਾਦ ਕੀਤੀਆਂ ਇੱਕੋ ਜਿਹੀਆਂ ਫ਼ਸਲਾਂ ਨੇ ਪੰਜਾਬ ਦੀ ਉਪਜਾਊ ਸ਼ਕਤੀ ਨੂੰ ਵੀ ਵੱਡੀ ਢਾਅ ਲਾਈ ਹੈ। ਧਰਤੀ ਹੇਠਲਾ ਪਾਣੀ ਡੂੰਘਾ ਹੋਣ ਦੇ ਨਾਲ-ਨਾਲ ਪ੍ਰਦੂਸ਼ਿਤ ਵੀ ਹੋ ਗਿਆ ਹੈ।
ਪਿੰਡ ਦੇ ਇਕ ਹੋਰ ਬਜ਼ੁਰਗ ਨੇ ਦੱਸਿਆ ਕਿ ਦੇਸ਼ ਦੇ ਆਜ਼ਾਦ ਹੋਣ ਮਗਰੋਂ ਕਿੰਨੀਆਂ ਹੀ ਪੰਚਾਇਤਾਂ ਆਈਆਂ ਤੇ ਚਲੀਆਂ ਗਈਆਂ ਪਰ ਅੱਜ ਵੀ ਪਿੰਡਾਂ ਦੀਆਂ ਮੁੱਖ ਸਮੱਸਿਆ ਗਲੀਆਂ-ਨਾਲੀਆਂ ਤਕ ਹੀ ਸੀਮਤ ਹੈ। ਹਰ ਪੰਚ ਤੇ ਸਰਪੰਚ ਸਿਰਫ਼ ਆਪਣੇ ਵਿਕਾਸ ਤਕ ਹੀ ਸੀਮਤ ਰਹਿੰਦਾ ਹੈ। ਸਰਕਾਰ ਤੋਂ ਗ੍ਰਾਂਟਾਂ ਲੈ ਕੇ ਇਨ੍ਹਾਂ ਸਰਪੰਚਾਂ-ਪੰਚਾਂ ਨੇ ਆਪਣੇ ਘਰ ਪੱਕੇ ਕਰਵਾ ਲਏ ਅਤੇ ਵੱਡੀਆਂ ਕੋਠੀਆਂ ਪਾ ਲਈਆਂ ਪਰ ਪਿੰਡ ਵਾਸੀਆਂ ਲਈ ਕੁਝ ਨਹੀਂ ਕੀਤਾ। ਗੰਦੇ ਪਾਣੀ ਦੀ ਨਿਕਾਸੀ ਦਾ ਵੀ ਯੋਗ ਪ੍ਰਬੰਧ ਕੀਤਾ ਜਾਵੇ। ਇਸ ਵੇਲੇ ਸਾਰਾ ਪਾਣੀ ਸੜਕਾਂ 'ਤੇ ਫੈਲਿਆ ਰਹਿੰਦਾ ਹੈ, ਜਿਸ ਕਾਰਨ ਸੜਕਾਂ ਛੇਤੀ ਟੁੱਟ ਜਾਂਦੀਆਂ ਹਨ, ਜਿਸ ਕਾਰਨ ਪਿੰਡ ਵਾਸੀਆਂ ਨੂੰ ਹੀ ਪ੍ਰੇਸ਼ਾਨੀ ਹੁੰਦੀ ਹੈ। ਇਸ ਗੰਦੇ ਪਾਣੀ ਨਾਲ ਮੱਛਰ-ਮੱਖੀਆਂ ਆਦਿ ਪੈਦਾ ਹੁੰਦੇ ਹਨ, ਜਿਸ ਕਾਰਨ ਹਮੇਸ਼ਾ ਬੀਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਪਿੰਡ ਨੇ ਸਰਪੰਚ ਨੇ ਦੱਸਿਆ ਮੌਜੂਦਾ ਸਮੇਂ 'ਚ ਉਨ੍ਹਾਂ ਦੀ ਸੱਭ ਤੋਂ ਵੱਡੀ ਸਮੱਸਿਆ ਗੰਦੇ ਪਾਣੀ ਦੀ ਨਿਕਾਸੀ ਨਾ ਹੋਣਾ ਹੈ। ਸਾਰਾ ਪਾਣੀ ਪਿੰਡ ਦੇ ਬਾਹਰ ਫਿਰਨੀ ਵੱਲ ਜਾਂਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਅੰਦਰ ਬਣੇ ਟੋਭੇ ਨੂੰ ਖਾਲੀ ਕਰਵਾਉਣ ਦਾ ਕੰਮ ਚੱਲ ਰਿਹਾ ਹੈ। ਟੋਭੇ ਨੂੰ ਖਾਲੀ ਕਰਨ ਮਗਰੋਂ ਇਸ ਨੂੰ ਹੋਰ ਡੂੰਘਾ ਕਰ ਕੇ ਇਸ ਦੇ ਚਾਰੇ ਪਾਸੇ ਟਰੈਕ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਤਿੰਨ ਖੂਹ ਬਣਾਏ ਜਾਣਗੇ, ਜਿਸ 'ਚ ਪਾਣੀ ਨੂੰ ਸਾਫ਼ ਕਰ ਕੇ ਖੇਤਾਂ 'ਚ ਭੇਜਿਆ ਜਾਵੇਗਾ। ਇਸ ਪ੍ਰਾਜੈਕਟ 'ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀਆਂ ਪੰਚਾਇਤਾਂ ਦੀ ਮਾੜੀ ਕਾਰਗੁਜਾਰੀ ਕਾਰਨ ਪਿੰਡ ਅੰਦਰ ਕੋਈ ਸ਼ਾਮਲਾਟ ਜ਼ਮੀਨ ਨਹੀਂ ਬਚੀ ਹੈ, ਜਿਥੇ ਖੇਡ ਦਾ ਵੱਡਾ ਅਤੇ ਵਧੀਆ ਮੈਦਾਨ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਪੰਚਾਇਤ ਦੀ ਆਮਦਨ ਦਾ ਕੋਈ ਸਰੋਤ ਵੀ ਨਹੀਂ ਹੈ।