
Delhi News : ਅਮਰੀਕਾ ਦੀ ਦਾਦਾਗਿਰੀ ਕਾਰਨ ਭਾਰਤ-ਰੂਸ ਦੀਆਂ ਵਧ ਸਕਦੀਆਂ ਹਨ ਨਜ਼ਦੀਕੀਆਂ
Delhi News in Punjabi : ਅਮਰੀਕਾ ਨਾਲ ਤਣਾਅ ਦੇ ਵਿਚਕਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਆ ਰਹੇ ਹਨ। ਵੀਰਵਾਰ ਨੂੰ ਮਾਸਕੋ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਹਵਾਲੇ ਨਾਲ ਕਿਹਾ ਗਿਆ ਕਿ ਰਾਸ਼ਟਰਪਤੀ ਪੁਤਿਨ ਇਸ ਸਾਲ ਦੇ ਅੰਤ ਵਿਚ ਭਾਰਤ ਦਾ ਦੌਰਾ ਕਰਨਗੇ। ਰੂਸੀ ਰਾਸ਼ਟਰਪਤੀ ਦੀ ਭਾਰਤ ਫੇਰੀ ਦੀ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਤੇਲ ਦੀ ਖ਼ਰੀਦ ਤੋਂ ਨਾਰਾਜ਼ ਹੋ ਕੇ ਭਾਰਤ ’ਤੇ ਟੈਰਿਫ਼ 50 ਫ਼ੀ ਸਦੀ ਤਕ ਵਧਾ ਦਿਤਾ ਹੈ।
ਰੂਸੀ ਸਮਾਚਾਰ ਏਜੰਸੀ ਇੰਟਰਫ਼ੈਕਸ ਨੇ ਅਜੀਤ ਡੋਵਾਲ ਦੇ ਹਵਾਲੇ ਨਾਲ ਪਹਿਲਾਂ ਦਸਿਆ ਸੀ ਕਿ ਰਾਸ਼ਟਰਪਤੀ ਪੁਤਿਨ ਅਗੱਸਤ ਦੇ ਅੰਤ ਵਿਚ ਭਾਰਤ ਦਾ ਦੌਰਾ ਕਰਨਗੇ। ਹਾਲਾਂਕਿ ਬਾਅਦ ਵਿਚ ਖ਼ਬਰਾਂ ਵਿੱਚ ਸੋਧ ਕਰਦੇ ਹੋਏ ਏਜੰਸੀ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ 2025 ਦੇ ਅੰਤ ਵਿਚ ਭਾਰਤ ਦਾ ਦੌਰਾ ਕਰਨਗੇ। ਰਾਸ਼ਟਰਪਤੀ ਪੁਤਿਨ ਦੀ ਇਹ ਯਾਤਰਾ ਫ਼ਰਵਰੀ 2022 ’ਚ ਯੂਕਰੇਨ-ਰੂਸ ਜੰਗ ਦੀ ਸ਼ੁਰੂਆਤ ਤੋਂ ਬਾਅਦ ਭਾਰਤ ਦੀ ਪਹਿਲੀ ਯਾਤਰਾ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੌਰੇ ਦੌਰਾਨ ਦੋਵੇਂ ਦੇਸ਼ 2030 ਲਈ ਨਵੇਂ ਆਰਥਿਕ ਰੋਡਮੈਪ ਨੂੰ ਅੱਗੇ ਵਧਾਉਣ ’ਤੇ ਕੰਮ ਕਰਨਗੇ।
ਜ਼ਿਕਰਯੋਗ ਹੈ ਕਿ 6 ਦਸੰਬਰ 2021 ਨੂੰ ਵਲਾਦੀਮਿਰ ਪੁਤਿਨ ਨੇ ਭਾਰਤ ਦੀ ਇਕ ਛੋਟੀ ਜਿਹੀ 4 ਘੰਟਿਆਂ ਦੀ ਯਾਤਰਾ ਕੀਤੀ ਸੀ। ਇਸ ਦੌਰਾਨ ਭਾਰਤ ਅਤੇ ਰੂਸ ਨੇ 28 ਦੋਪੱਖੀ ਸਮਝੌਤਿਆਂ ’ਤੇ ਹਸਤਾਖ਼ਰ ਕੀਤੇ ਸਨ ਜਿਸ ’ਚ ਸੈਨਿਕ ਅਤੇ ਤਕਨੀਕੀ ਖੇਤਰਾਂ ਦੇ ਮਹੱਤਵਪੂਰਨ ਸਹਿਯੋਗ ਸ਼ਾਮਲ ਸਨ। ਦੋਵਾਂ ਦੇਸ਼ਾਂ ਨੇ 2025 ਤਕ ਸਾਲਾਨਾ ਵਪਾਰ 30 ਅਰਬ ਡਾਲਰ (ਕਰੀਬ 2.53 ਲੱਖ ਕਰੋੜ ਰੁਪਏ) ਤਕ ਪਹੁੰਚਾਉਣ ਦਾ ਟੀਚਾ ਰਖਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2024 ’ਚ ਦੋ ਵਾਰ ਰੂਸ ਦਾ ਦੌਰਾ ਕੀਤਾ। ਪਹਿਲੀ ਵਾਰ ਉਹ ਜੁਲਾਈ ’ਚ 2 ਦਿਨਾਂ ਲਈ ਰੂਸ ਗਏ ਸਨ, ਜਿਥੇ ਉਨ੍ਹਾਂ ਨੇ ਰਾਸ਼ਟਰਪਤੀ ਪੁਤਿਨ ਨੂੰ ਭਾਰਤ ਆਉਣ ਦਾ ਸੱਦਾ ਦਿਤਾ ਸੀ।
(For more news apart from Putin will visit India at end of this year News in Punjabi, stay tuned to Rozana Spokesman)