
Tel Aviv News : ਯੂਐਨ ਨੇ ਤਾਜ਼ਾ ਰਿਪੋਰਟ ’ਚ ਪ੍ਰਗਟਾਈ ਚਿੰਤਾ
Tel Aviv News in Punjabi : ਸੰਯੁਕਤ ਰਾਸ਼ਟਰ (ਯੂਐਨ) ਨੇ ਅਪਣੀ ਤਾਜ਼ਾ ਰਿਪੋਰਟ ’ਚ ਚਿੰਤਾ ਪ੍ਰਗਟਾਈ ਹੈ ਕਿ ਗਾਜ਼ਾ ਪੱਟੀ ’ਚ ਇਜ਼ਰਾਈਲ ਦੀ ਹਮਲਾਵਰ ਕਾਰਵਾਈ ਦੇ ਚਲਦਿਆਂ ਰੋਜ਼ਾਨਾ ਔਸਤਨ 28 ਬੱਚੇ ਮਾਰੇ ਜਾ ਰਹੇ ਹਨ। ਉਹ ਬੰਬ ਹਮਲਿਆਂ ਜਾਂ ਮਨੁੱਖੀ ਮਦਦ ਨਾ ਮਿਲਣ ਕਾਰਨ ਭੁੱਖ ਤੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ।
ਸੰਯੁਕਤ ਰਾਸ਼ਟਰ ਬਾਲ ਫ਼ੰਡ (ਯੂਨੀਸੈਫ਼) ਨੇ ਕਿਹਾ ਕਿ ਬੰਬ ਹਮਲਿਆਂ, ਕੁਪੋਸ਼ਣ, ਭੁੱਖਮਰੀ, ਜ਼ਰੂਰੀ ਸੇਵਾਵਾਂ ਤੇ ਮਨੁੱਖੀ ਮਦਦ ਦੀ ਘਾਟ ’ਚ ਬੱਚਿਆਂ ਦੀਆਂ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਪਰੇਸ਼ਾਨ ਕਰਨ ਵਾਲੀਆਂ ਹਨ। ਯੂਐਨ ਦੀ ਰਿਪੋਰਟ ਅਨੁਸਾਰ ਸੱਤ ਅਕਤੂਬਰ 2023 ਤੋਂ ਬਾਅਦ ਗਾਜ਼ਾ ’ਚ ਹਮਾਸ ਵਿਰੁਧ ਇਜ਼ਰਾਈਲ ਵਲੋਂ ਚਲਾਈ ਜਾ ਰਹੀ ਫ਼ੌਜੀ ਮੁਹਿੰਮ ’ਚ ਹੁਣ ਤਕ 18 ਹਜ਼ਾਰ ਤੋਂ ਵੱਧ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਹਰ ਘੰਟੇ ਇਕ ਬੱਚੇ ਦੀ ਮੌਤ ਕਾਫੀ ਚਿੰਤਾਜਨਕ ਹੈ।
ਗਾਜ਼ਾ ’ਚ ਹੁਣ ਤਕ ਕੁੱਲ 60,933 ਫ਼ਲਸਤੀਨੀ ਮਾਰੇ ਜਾ ਚੁੱਕੇ ਹਨ ਤੇ ਡੇਢ ਲੱਖ ਤੋਂ ਵੱਧ ਜ਼ਖ਼ਮੀ ਹੋਏ ਹਨ। ਬੁੱਧਵਾਰ ਨੂੰ ਗਾਜ਼ਾ ’ਚ ਇਜ਼ਰਾਇਲੀ ਹਮਲੇ ’ਚ 83 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ’ਚੋਂ 58 ਲੋਕ ਮਨੁੱਖੀ ਮਦਦ ਲੈਣ ਲਈ ਇਕੱਠੇ ਹੋਏ ਸਨ।
ਰਾਇਟਰ ਅਨੁਸਾਰ ਸੰਯੁਕਤ ਰਾਸ਼ਟਰ ਦੇ ਸਹਾਇਕ ਜਨਰਲ ਸਕੱਤਰ ਮਿਰੋਸਲੋਵ ਜ਼ੇਂਕਾ ਨੇ ਕਿਹਾ ਹੈ ਕਿ ਗਾਜ਼ਾ ’ਤੇ ਇਜ਼ਰਾਇਲੀ ਕਬਜ਼ੇ ਦੀਆਂ ਤਿਆਰੀਆਂ ਦੀਆਂ ਖ਼ਬਰਾਂ ਗੰਭੀਰ ਤੌਰ ’ਤੇ ਚਿੰਤਾਜਨਕ ਹਨ। ਇਕ ਦਿਨ ਪਹਿਲਾਂ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ’ਤੇ ਕਬਜ਼ੇ ਨੂੰ ਲੈ ਕੇ ਉੱਚ ਸੁਰੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ।
(For more news apart from 28 children are losing their lives every day in Gaza News in Punjabi, stay tuned to Rozana Spokesman)