ਲੁਟੇਰਿਆਂ ਨੇ ਫਰਜ਼ੀ ਪੁਲਿਸ ਬਣ ਲੁੱਟਿਆ ਕਰਿਆਨਾ ਦੁਕਾਨਦਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ-8 ਦੇ ਅਧੀਨ ਪੈਂਦੇ ਸੁੰਦਰ ਨਗਰ ਵਿਚ ਦਿਨ-ਦਿਹਾੜੇ ਬਿਨਾਂ ਨੰਬਰ ਦੀ ਕਾਰ ਵਿਚ ਸਵਾਰ 3 ਲੋਕ ਪੁਲਿਸ ਦਾ ਆਈਕਾਰਡ ਵਿਖਾ ਕੇ...

Robbery

ਜਲੰਧਰ (ਸਸਸ) : ਥਾਣਾ-8 ਦੇ ਅਧੀਨ ਪੈਂਦੇ ਸੁੰਦਰ ਨਗਰ ਵਿਚ ਦਿਨ-ਦਿਹਾੜੇ ਬਿਨਾਂ ਨੰਬਰ ਦੀ ਕਾਰ ਵਿਚ ਸਵਾਰ 3 ਲੋਕ ਪੁਲਿਸ ਦਾ ਆਈਕਾਰਡ ਵਿਖਾ ਕੇ ਚੈਕਿੰਗ ਦੇ ਬਹਾਨੇ ਕਰਿਆਨਾ ਦੁਕਾਨਦਾਰ ਦੇ ਗੱਲੇ ਵਿਚੋਂ ਹਜ਼ਾਰਾਂ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਅਤੇ ਜਾਂਦੇ-ਜਾਂਦੇ ਦੁਕਾਨਦਾਰ ਨੂੰ ਨਸ਼ਾ ਵੇਚਣ ਦਾ ਪਰਚਾ ਦਰਜ ਕਰਨ ਦੀ ਧਮਕੀ ਵੀ ਦੇ ਗਏ। ਇਸ ਘਟਨਾ ਤੋਂ ਬਾਅਦ ਦੁਕਾਨਦਾਰ ਨੇ ਰੌਲਾ ਪਾਇਆ ਅਤੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿਤੀ, ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ।

ਅਜੈ ਕਰਿਆਨਾ ਸਟੋਰ ਦੇ ਮਾਲਿਕ ਅਜੈ ਅਤੇ ਮਿੱਠੂ ਕੁਮਾਰ ਪੁੱਤਰ ਜਗਨਨਾਥ ਨਿਵਾਸੀ ਸੁੰਦਰ ਨਗਰ ਨੇ ਦੱਸਿਆ ਕਿ ਉਹ 16 ਸਾਲ ਤੋਂ ਕਰਿਆਨੇ ਦੀ ਦੁਕਾਨ ਚਲਾ ਰਹੇ ਹਨ। ਦੁਪਹਿਰ ਨੂੰ ਮਿੱਠੂ ਕੁਮਾਰ ਦੁਕਾਨ ‘ਤੇ ਗਾਹਕਾਂ ਨੂੰ ਸਮਾਨ ਦੇ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਦੁਕਾਨ ਦੇ ਕੋਲ ਇਕ ਸਫ਼ੈਦ ਰੰਗ ਦੀ ਸਵਿੱਫਟ ਕਾਰ ਆ ਕੇ ਰੁਕੀ ਜਿਸ ਵਿਚੋਂ ਇਕ ਵਿਅਕਤੀ ਉਨ੍ਹਾਂ ਦੀ ਦੁਕਾਨ ਦੇ ਅੰਦਰ ਆ ਕੇ ਅਪਣੇ ਆਪ ਨੂੰ ਪੁਲਿਸ ਇੰਨਸਪੈਕਟਰ ਦੱਸ ਕੇ ਅਪਣਾ ਆਈਕਾਰਡ ਦਿਖਾ ਕੇ ਦੁਕਾਨ ਵਿਚ ਚੈਕਿੰਗ ਕਰਨ ਲੱਗ ਗਿਆ।

ਕਾਰਨ ਪੁੱਛਣ ‘ਤੇ ਉਹ ਕਹਿਣ ਲਗਾ ਕਿ ਇਸ ਦੁਕਾਨ ਵਿਚ ਚੂਰਾ-ਪੋਸਤ ਵਿਕਦਾ ਹੈ ਜਿਸ ਦੀ ਉਹ ਚੈਕਿੰਗ ਕਰ ਰਹੇ ਹਨ। ਜਦੋਂ ਉਸ ਨੇ ਅਪਣੀ ਜੇਬ ਵਿਚੋਂ ਫ਼ੋਨ ਕੱਢਿਆ ਕਿ ਉਹ ਘਰ ਤੋਂ ਕਿਸੇ ਨੂੰ ਸੱਦ ਲਵੇ ਤਾਂ ਉਕਤ ਵਿਅਕਤੀ ਨੇ ਉਸ ਦੇ ਹੱਥ ਵਿਚੋਂ ਮੋਬਾਇਲ ਖੋਹ ਲਿਆ ਅਤੇ ਕਿਹਾ ਕਿ ਜੇਕਰ ਰੌਲਾ ਪਾਇਆ ਤਾਂ ਫੜ ਕੇ ਲੈ ਜਾਵੇਗਾ ਅਤੇ ਦੋਵਾਂ ਭਰਾਵਾਂ ‘ਤੇ ਪਰਚਾ ਦਰਜ ਕਰਨ ਦੀ ਧਮਕੀ ਦੇਣ ਲਗਾ। ਉਸ ਨੇ ਦੁਕਾਨ ‘ਤੇ ਖੜੇ ਗਾਹਕਾਂ ਨੂੰ ਵੀ ਧਮਕਾ ਕੇ ਉਥੋਂ ਭਜਾ ਦਿਤਾ।

ਬੇਚੈਨੀ ਵਿਚ ਉਹ ਚੁਪਚਾਪ ਖੜਾ ਹੋ ਗਿਆ ਅਤੇ ਨਕਲੀ ਪੁਲਿਸ ਵਾਲੇ ਨੇ ਉਸ ਦੇ ਗੱਲੇ ਵਿਚ ਪਏ 8 ਹਜ਼ਾਰ ਰੁਪਏ ਕੱਢ ਲਏ ਅਤੇ ਉਸ ਦਾ ਮੋਬਾਇਲ ਦੁਕਾਨ ਵਿਚ ਸੁੱਟ ਕੇ ਗੱਡੀ ਵਿਚ ਬੈਠ ਗਿਆ ਅਤੇ ਗੱਡੀ ਵਿਚ ਸਵਾਰ ਤਿੰਨ ਲੋਕ ਤੇਜ਼ੀ ਨਾਲ ਹਾਈਵੇ ਵੱਲ ਨੂੰ ਫ਼ਰਾਰ ਹੋ ਗਏ। ਉਸਨੇ ਰੌਲਾ ਪਾਇਆ ਤਾਂ ਆਸਪਾਸ ਦੇ ਲੋਕ ਉਥੇ ਇਕੱਠੇ ਹੋ ਗਏ। ਇਸ ਤੋਂ ਬਾਅਦ ਪੁਲਿਸ ਨੂੰ ਵਾਰਦਾਤ ਦੀ ਸੂਚਨਾ ਦਿਤੀ ਗਈ।

ਸੂਚਨਾ ਮਿਲਦੇ ਹੀ ਥਾਣਾ-8 ਦੇ ਏ.ਐਸ.ਆਈ. ਨਰਿੰਦਰ ਮੋਹਨ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿਤੀ ਪਰ ਪੁਲਿਸ ਨੂੰ ਕੋਈ ਠੋਸ ਸਬੂਤ ਨਹੀਂ ਮਿਲੇ। ਆਲੇ ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਕਾਰ ‘ਤੇ ਨੰਬਰ ਪਲੇਟ ਨਹੀਂ ਲੱਗੀ ਸੀ ਅਤੇ ਸ਼ੀਸ਼ੇ ‘ਤੇ ਸਟਿੱਕਰ ਲੱਗੇ ਹੋਏ ਸਨ। ਨਕਲੀ ਪੁਲਿਸ ਵਾਲਿਆਂ ਦੇ ਹੱਥੋਂ ਲੁੱਟੇ ਗਏ ਦੁਕਾਨਦਾਰ ਦੀ ਸ਼ਿਕਾਇਤ ‘ਤੇ ਜਦੋਂ ਜਾਂਚ ਕਰਨ ਅਸਲੀ ਪੁਲਿਸ ਪਹੁੰਚੀ ਤਾਂ ਦੁਕਾਨਦਾਰ ਅਤੇ ਆਸਪਾਸ ਦੇ ਲੋਕਾਂ ਨੇ ਪੁਲਿਸ ਮੁਲਾਜ਼ਮਾਂ ਤੋਂ ਸਵਾਲ ਪੁੱਛੇ।

ਜਦੋਂ ਉਨ੍ਹਾਂ ਨੇ ਦੱਸਿਆ ਕਿ ਉਹ ਥਾਣਾ-8 ਤੋਂ ਆਏ ਹਨ, ਕਿਸ ਦੀ ਦੁਕਾਨ ‘ਤੇ ਲੁੱਟ ਹੋਈ ਹੈ ਤਾਂ ਦੁਕਾਨਦਾਰ ਅਤੇ ਲੋਕਾਂ ਨੇ ਸਾਰੀ ਘਟਨਾ ਦੀ ਜਾਣਕਾਰੀ ਦਿਤੀ ਅਤੇ ਦੱਸਿਆ ਕਿ ਪਹਿਲਾਂ ਆਏ ਪੁਲਿਸ ਵਾਲੇ ਨੇ ਵੀ ਪੁਲਿਸ ਦਾ ਆਈਕਾਰਡ ਵਿਖਾਇਆ ਸੀ ਜਿਸ ਦੀ ਪ੍ਰਿੰਟਿੰਗ ਸਾਫ਼ ਨਹੀਂ ਸੀ ਅਤੇ ਇਕਦਮ ਉਸ ਨੇ ਕਾਰਡ ਜੇਬ ਵਿਚ ਪਾ ਲਿਆ। ਮਾਮਲੇ ਸਬੰਧੀ ਥਾਣਾ-8 ਦੇ ਮੁਖੀ ਹਿਨਾ ਗੁਪਤਾ ਨੇ ਦੱਸਿਆ ਕਿ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਵਾਈ ਜਾ ਰਹੀ ਹੈ।

ਫੁਟੇਜ ਵਿਚ ਕਾਰ ਤੇਜੀ ਨਾਲ ਨਿਕਲਦੀ ਵਿਖਾਈ ਦੇ ਰਹੀ ਹੈ ਪਰ ਸਪੱਸ਼ਟ ਨਹੀਂ ਹੋ ਰਿਹਾ। ਬਾਕੀ ਪੁਲਿਸ ਨੇ ਵਾਰਦਾਤ ਦੇ ਸਮੇਂ ਦਾ ਪੂਰਾ ਕਾਲ ਡਿਟੇਲ ਡੰਪ ਚੱਕਵਾਇਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਸ਼ੱਕੀ ਲੱਗ ਰਿਹਾ ਹੈ। ਜਾਂਚ ਵਿਚ ਪਤਾ ਲੱਗਿਆ ਹੈ ਕਿ ਦੁਕਾਨਦਾਰ ਦੀ ਇਲਾਕੇ ਵਿਚ ਕਿਸੇ ਦੇ ਨਾਲ ਰੁਪਏ ਲੈਣ ਨੂੰ ਲੈ ਕੇ ਪੁਰਾਣੀ ਰੰਜਸ਼ ਹੈ ਜਿਸ ਦੀ ਜਾਂਚ ਚੱਲ ਰਹੀ ਹੈ।

Related Stories