'ਸਰੱਬਤ ਖ਼ਾਲਸਾ' ਵਿਚ ਨਾਮਜ਼ਦ ਜਥੇਦਾਰਾਂ ਦੇ ਆਪਸੀ ਵਿਵਾਦ ਨੇ ਕੌਮ ਦਾ ਸਿਰ ਸ਼ਰਮ ਨਾਲ ਨੀਵਾਂ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਰਗਾੜੀ ਮੋਰਚੇ ਵਿਚ ਪੰਥ ਨਾਲ ਹੋਏ ਧੋਖੇ ਤੋਂ ਬਾਅਦ ਪੰਥਕ ਰਾਜਨੀਤੀ ਵਿਚ ਨਵਾਂ ਵਿਵਾਦ ਪੈਦਾ ਹੋਇਆ ਹੈ........

Bhai Amrik Singh Ajnala And Bhai Dhian Singh Mand With Bhai Baljit Singh Daduwal

ਅੰਮ੍ਰਿਤਸਰ/ਤਰਨਤਾਰਨ : ਬਰਗਾੜੀ ਮੋਰਚੇ ਵਿਚ ਪੰਥ ਨਾਲ ਹੋਏ ਧੋਖੇ ਤੋਂ ਬਾਅਦ ਪੰਥਕ ਰਾਜਨੀਤੀ ਵਿਚ ਨਵਾਂ ਵਿਵਾਦ ਪੈਦਾ ਹੋਇਆ ਹੈ। 'ਸਰੱਬਤ ਖ਼ਾਲਸਾ' ਵਿਚ ਨਾਮਜ਼ਦ ਜਥੇਦਾਰਾਂ ਦੇ ਆਪਸੀ ਵਿਵਾਦ ਨੇ ਕੌਮ ਦਾ ਸਿਰ ਸ਼ਰਮ ਨਾਲ ਨੀਵਾਂ ਕੀਤਾ ਹੈ। ਪੰਥਕ ਦਰਦੀ ਮਹਿਸੂਸ ਕਰਦੇ ਹਨ ਕਿ ਇਨ੍ਹਾਂ 'ਜਥੇਦਾਰਾਂ' ਨੇ ਉਹੀ ਕੁੱਝ ਕੀਤਾ ਹੈ ਜੋ ਇਨ੍ਹਾਂ ਜਥੇਦਾਰਾਂ ਦੇ ਸਿਆਸੀ ਆਕਾ ਰਵਾਇਤੀ 'ਜਥੇਦਾਰਾਂ' 'ਤੇ ਦੋਸ਼ ਲਗਾਉਂਦੇ ਰਹੇ ਹਨ। ਬਰਗਾੜੀ ਮੋਰਚਾ ਸ਼ੁਰੂ ਕਰਨ ਲਈ 'ਜਥੇਦਾਰਾਂ' ਨੇ ਮੰਗਾਂ ਉਹ ਚੁਣੀਆਂ ਜੋ ਸਿੱਖ ਮਾਨਸਿਕਤਾ ਨੂੰ ਟੁਬੰਦੀਆਂ ਸਨ। 

ਲਗਭਗ 193 ਦਿਨ ਬਰਗਾੜੀ ਬੈਠ ਕੇ ਇਨ੍ਹਾਂ 'ਜਥੇਦਾਰਾਂ' ਨੇ ਦੁਨੀਆਂ ਦਾ ਧਿਆਨ ਆਕਰਸ਼ਿਤ ਕੀਤਾ। 'ਜਥੇਦਾਰ' ਇਹ ਦਸਣ ਵਿਚ ਸਫ਼ਲ ਰਹੇ ਕਿ ਬੇਅਦਬੀ ਕਾਂਡ ਕਾਰਨ ਸਿੱਖ ਦੁਖੀ ਹਨ। ਇਸ ਮੋਰਚੇ ਨੂੰ ਉਠਾਉਣ ਤੋਂ ਬਾਅਦ 'ਜਥੇਦਾਰਾਂ' ਭਾਈ ਧਿਆਨ ਸਿੰਘ ਮੰਡ ਦਾ ਸ੍ਰੀ ਦਰਬਾਰ ਸਾਹਿਬ ਆਉਣਾ ਤੇ ਉਨ੍ਹਾਂ ਵਲੋਂ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਨਾ ਕੀ ਉਹ ਜੇਤੂ ਜਰਨੈਲ ਬਣ ਕੇ ਆਏ ਹਨ, ਦੀ ਹਵਾ ਸਾਥੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੁੱਝ ਘੰਟੇ ਬਾਅਦ ਹੀ ਕੱਢ ਦਿਤੀ। ਰਹਿੰਦੀ ਕਸਰ ਬੀਤੇ ਕਲ ਭਾਈ ਅਮਰੀਕ ਸਿੰਘ ਅਜਨਾਲਾ ਨੇ ਕੱਢ ਕੇ ਦਸ ਦਿਤਾ ਕਿ ਇਥੇ ਦਾਲ ਵਿਚ ਕੁੱਝ ਕਾਲਾ ਨਹੀਂ ਬਲਕਿ ਪੂਰੀ ਦਾਲ ਹੀ ਕਾਲੀ ਹੈ।

ਅੰਮ੍ਰਿਤਸਰ ਆਏ ਭਾਈ ਮੰਡ ਦਾ ਕਿਸੇ ਵੀ ਸਵਾਲ ਦਾ ਤਸਲੀਬਖ਼ਸ਼ ਜਵਾਬ ਵੀ ਨਾ ਦੇ ਸਕੇ। ਉਹ ਪੂਰੀ ਤਰ੍ਹਾਂ ਨਾਲ ਅਪਣੀ ਮਾਂ ਪਾਰਟੀ ਨੂੰ ਸਮਰਪਿਤ ਨਜ਼ਰ ਆ ਰਹੇ ਸਨ। ਬੀਤੇ ਦਿਨਾਂ ਵਿਚ 'ਜਥੇਦਾਰਾਂ' ਨੇ ਖੇਹ ਉਡਾ ਕੇ ਦਿਖਾਈ ਹੈ ਉਸ ਨੇ ਦਸ ਦਿਤਾ ਹੈ ਕਿ ਉਹ ਸਿੱਖ ਮੰਗਾਂ ਬਾਰੇ ਸੁਹਿਰਦ ਨਹੀਂ ਹਨ। ਭਾਈ ਮੰਡ ਨੇ ਦਸਿਆ ਸੀ ਕਿ ਉਨ੍ਹਾਂ 18 ਸਿੱਖ ਕੈਦੀਆਂ ਦੀ ਰਿਹਾਈ ਦਾ ਕਿਹਾ ਸੀ ਪਰ ਇਕ ਕੈਦੀ ਭਾਈ ਦਿਲਬਾਗ ਸਿੰਘ ਬਾਘਾ ਰਿਹਾਅ ਹੋ ਚੁਕਾ ਹੈ। ਜਦਕਿ ਇਹ 'ਜਥੇਦਾਰਾਂ' ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹਨ

ਕਿ ਬੇਅੰਤ ਸਿੰਘ ਕਾਂਡ ਵਿਚ ਸਜ਼ਾ ਕੱਟ ਰਹੇ ਭਾਈ ਲਖਵਿੰਦਰ ਸਿੰਘ, ਗੁਰਮੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਆਦਿ ਦੀ ਪੈਰੋਲ 'ਤੇ ਰਿਹਾਈ ਦਾ ਯਤਨ ਭਾਈ ਗੁਰਬਖ਼ਸ਼ ਸਿੰਘ ਦੀ ਭੁੱਖ ਹੜਤਾਲ ਕਾਰਨ ਸ਼ੁਰੂ ਹੋਏ ਅਤੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਦਿੱਲੀ ਦੀ ਤਿਹਾੜ ਜੇਲ ਤੋਂ ਅੰਮ੍ਰਿਤਸਰ ਜੇਲ ਵਿਚ ਤਬਦੀਲੀ ਅਤੇ ਗੁਰਦੀਪ ਸਿੰਘ ਜਲੂਪੁਰ ਦੀ ਪਹਿਲਾਂ ਕਰਨਾਟਕ ਦੀ ਗੁਲਬਰਗ ਜੇਲ ਤੋਂ ਅੰਮ੍ਰਿਤਸਰ ਜੇਲ ਵਿਚ ਲਿਆਉਣਾ ਅਤੇ ਫਿਰ  ਪੈਰੋਲ 'ਤੇ ਆਉਣਾ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਦਾ ਹੀ ਕਾਰਗਾਰ ਯਤਨ ਸਾਬਤ ਹੋਈ ਸੀ। ਅਜਿਹੀ ਹਾਲਤ ਵਿਚ ਇਨ੍ਹਾਂ 'ਜਥੇਦਾਰਾਂ' ਦਾ ਅਪਣੇ ਗਲ ਵਿਚ ਸਿਰੋਪਾਉ ਪਾਉਣਾ ਹਾਸੋਹੀਣਾ ਲਗਦਾ ਹੈ।

Related Stories