
2019 ਦੀਆਂ ਚੋਣਾਂ ’ਚ ਸੱਤਾਧਾਰੀ ਪਾਰਟੀ ਨੂੰ 37 ਫੀ ਸਦੀ ਤੋਂ ਵੱਧ ਵੋਟਾਂ ਮਿਲੀਆਂ ਸਨ
BJP Meeting : 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਵੱਡੀ ਜਿੱਤ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਮੁੱਖ ਸੰਗਠਨਾਤਮਕ ਨੇਤਾਵਾਂ ਨੂੰ ਪਾਰਟੀ ਦੇ ਵੋਟ ਹਿੱਸੇ ’ਚ 10 ਫੀ ਸਦੀ ਵਾਧਾ ਕਰਨ ਦੀ ਦਿਸ਼ਾ ’ਚ ਕੰਮ ਕਰਨ ਲਈ ਕਿਹਾ ਹੈ। ਸੂਤਰਾਂ ਨੇ ਦਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਨਿਚਰਵਾਰ ਨੂੰ ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਅਤੇ ਸੂਬਾ ਪ੍ਰਧਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਜਪਾ ਦਾ ਪ੍ਰਦਰਸ਼ਨ ਅਜਿਹਾ ਹੋਣਾ ਚਾਹੀਦਾ ਹੈ ਕਿ ਵਿਰੋਧੀ ਧਿਰ ਹੈਰਾਨ ਰਹਿ ਜਾਵੇ।
ਵਿਰੋਧੀ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਅਤੇ ਭਾਜਪਾ ਵਿਚਾਲੇ ਸਿੱਧੀ ਟੱਕਰ ਦੀ ਸੰਭਾਵਨਾ ਦੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਨੂੰ 2019 ਦੀਆਂ ਚੋਣਾਂ ਦੇ ਮੁਕਾਬਲੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਵੋਟ ਫ਼ੀ ਸਦੀ ਵਿਚ 10 ਫੀ ਸਦੀ ਦਾ ਵਾਧਾ ਕਰਨ ਦਾ ਸੱਦਾ ਦਿਤਾ।
2019 ਦੀਆਂ ਚੋਣਾਂ ’ਚ ਸੱਤਾਧਾਰੀ ਪਾਰਟੀ ਨੂੰ 37 ਫੀ ਸਦੀ ਤੋਂ ਵੱਧ ਵੋਟਾਂ ਮਿਲੀਆਂ ਸਨ, ਜਦਕਿ ਉਸ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗੱਠਜੋੜ ਨੂੰ ਲਗਭਗ 45 ਫੀ ਸਦੀ ਵੋਟਾਂ ਮਿਲੀਆਂ ਸਨ। ਸਾਲ 2014 ’ਚ ਕੇਂਦਰ ’ਚ ਸੱਤਾ ’ਚ ਆਉਣ ਤੋਂ ਬਾਅਦ ਭਾਜਪਾ ਨੇ ਲਗਾਤਾਰ ਵਿਧਾਨ ਸਭਾ ਚੋਣਾਂ ’ਚ ਅਪਣੇ ਵੋਟ ਫੀ ਸਦੀ ’ਚ 50 ਫੀ ਸਦੀ ਦਾ ਵਾਧਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕੁਝ ਚੋਣਾਂ ’ਚ ਸਫਲ ਰਹੀ ਹੈ।
ਸ਼ਾਹ ਨੇ ਹਾਲ ਹੀ ’ਚ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੇ ਪ੍ਰਦਰਸ਼ਨ ਨੂੰ ਉਜਾਗਰ ਕੀਤਾ ਅਤੇ 50 ਫ਼ੀ ਸਦੀ ਵੋਟਾਂ ਹਾਸਲ ਕਰਨ ਦੇ ਟੀਚੇ ਲਈ ਰਾਜ ਸੰਗਠਨ ਦੀ ਸ਼ਲਾਘਾ ਕੀਤੀ। ਸੂਤਰਾਂ ਨੇ ਦਸਿਆ ਕਿ ਮੋਦੀ ਦੀ ਤਰ੍ਹਾਂ ਸ਼ਾਹ ਨੇ ਵੀ ਚੋਣਾਂ ’ਚ ਸੰਗਠਨਾਤਮਕ ਪ੍ਰਮੁੱਖਤਾ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਪਾਰਟੀ ਇੰਨੀ ਵੱਡੀ ਜਿੱਤ ਦੀ ਹੱਕਦਾਰ ਹੈ ਕਿ ਵਿਰੋਧੀ ਧਿਰ ਉਸ ਨੂੰ ਚੁਨੌਤੀ ਦੇਣ ਤੋਂ ਪਹਿਲਾਂ ਦੋ ਵਾਰ ਸੋਚਦੀ ਹੈ।
(For more news apart from BJP Meeting, stay tuned to Rozana Spokesman)