
ਪਸਰੂਰ ਵਿਚ ਪਹਿਲੀ ਪਾਤਸ਼ਾਹੀ ਨਾਲ ਸਬੰਧਤ ਅਸਥਾਨ ਦਿਊਕਾ ਹੈ ਇਸ ਨਾਲ ਸਬੰਧਤ ਸਾਰੀਆਂ ਇਮਾਰਤਾਂ ਢਾਹ ਦਿਤੀਆਂ ਗਈਆਂ ਹਨ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਪਾਕਿਸਤਾਨ ਵਿਚਲੇ ਗੁਰਦੁਆਰਿਆਂ, ਗੁਰਧਾਮਾਂ, ਸਿੱਖ ਯਾਦਗਾਰਾਂ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਨਾ ਹੋਣ ’ਤੇ ਚਿੰਤਾ ਜ਼ਾਹਰ ਕਰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਪਾਕਿਸਤਾਨ ਵਿਚ ਸਿੱਖ ਗੁਰੂ ਸਾਹਿਬਾਨ ਨਾਲ ਸਬੰਧਤ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ, ਸਿੱਖ ਜਗਤ ਦੇ ਗੁਰਧਾਮ ਅਤੇ ਯਾਦਗਾਰਾਂ ਹਨ ਜਿਨ੍ਹਾਂ ਦਾ ਸਹੀ ਤਰੀਕੇ ਨਾਲ ਰੱਖ ਰਖਾਅ- ਸਾਂਭ ਸੰਭਾਲ ਨਹੀਂ ਹੋ ਰਹੀ ਸਗੋਂ ਸਮੇਂ ਸਮੇਂ ਮੀਡੀਏ ਰਾਹੀਂ ਦੁਖਦਾਇਕ ਖ਼ਬਰਾਂ ਮਿਲਦੀਆਂ ਹਨ ਕਿ ਭੂ-ਮਾਫ਼ੀਏ ਨੇ ਇਨ੍ਹਾਂ ਗੁਰਧਾਮਾਂ ’ਤੇ ਕਬਜ਼ੇ ਕੀਤੇ ਹੋਏ ਹਨ ਜਾਂ ਇਨ੍ਹਾਂ ਨੂੰ ਸਤਿਕਾਰ ਨਾਲ ਸਾਂਭਣ ਦੀ ਬਜਾਏ ਮਾਲਡੰਗਰਾਂ ਲਈ ਵਰਤੇ ਜਾ ਰਹੇ ਹਨ।
Gurudwara Chota Nankiana
ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਨਾਲ ਵਿਸ਼ੇਸ਼ ਤੌਰ ’ਤੇ ਜੁੜੀਆਂ ਇਮਾਰਤਾਂ ਦੀ ਬੇਕਦਰੀ ਹੋ ਰਹੀ ਹੈ। ਖ਼ਬਰਾਂ ਮੁਤਾਬਕ ਸਿਆਲਕੋਟ ਦੀ ਤਹਿਸੀਲ ਪਸਰੂਰ ਦੇ ਗੁਰਦੁਆਰਾ ਮੰਜੀ ਸਾਹਿਬ (ਦਿਊਕਾ) ਅਤੇ ਦੀਪਾਲਪੁਰ ਦੇ ਗੁਰਦਵਾਰਾ ਛੋਟਾ ਨਾਨਕਿਆਣਾ ਦੀ ਹਾਲਤ ਅਸਲੋਂ ਹੀ ਖਸਤਾ ਹੈ।
Gurudwara Chota Nankiana
ਪਸਰੂਰ ਵਿਚ ਪਹਿਲੀ ਪਾਤਸ਼ਾਹੀ ਨਾਲ ਸਬੰਧਤ ਅਸਥਾਨ ਦਿਊਕਾ ਹੈ ਇਸ ਨਾਲ ਸਬੰਧਤ ਸਾਰੀਆਂ ਇਮਾਰਤਾਂ ਢਾਹ ਦਿਤੀਆਂ ਗਈਆਂ ਹਨ ਅਤੇ ਸਰੋਵਰ ਵੀ ਛੱਪੜ ਦਾ ਰੂਪ ਧਾਰ ਚੁੱਕਾ ਹੈ। ਇਸ ਤਰ੍ਹਾਂ ਹੀ ਉਕਾੜਾਂ ਜ਼ਿਲ੍ਹਾ ਦੇ ਸ਼ਹਿਰ ਦੀਪਾਲਪੁਰ ਵਿਚ ਗੁ: ਛੋਟਾ ਨਾਨਕਿਆਣਾ ਜਿਸ ਦੀਆਂ ਇਮਾਰਤਾਂ ਤੇ ਗੁਰਬਾਣੀ ਦੀਆਂ ਪੰਕਤੀਆਂ ਅੱਜ ਵੀ ਦੇਖੀਆਂ ਜਾ ਸਕਦੀਆਂ ਪਰ ਇਮਾਰਤ ਵੀਰਾਨ ਪਈ ਹੈ।
ਉਨ੍ਹਾਂ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਔਕਾਫ਼ ਬੋਰਡ ਤੋਂ ਵਿਸ਼ੇਸ਼ ਤੌਰ ’ਤੇ ਇਨ੍ਹਾਂ ਗੁਰਧਾਮਾਂ ਦੀ ਸੁਚੱਜੀ ਤੇ ਮਾਣ ਮਰਿਆਦਾ ਅਨੁਸਾਰ ਸਾਂਭ ਸੰਭਾਲ ਦੀ ਮੰਗ ਕੀਤੀ ਹੈ। ਇਨ੍ਹਾਂ ਸਾਰੇ ਗੁਰਧਾਮਾਂ ਦੀ ਕਾਰ ਸੇਵਾ ਰਾਹੀਂ ਮੁਰੰਮਤ ਤੇ ਉਸਾਰੀ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਕਿਹਾ ਕਿ ਉਹ ਇਸ ਮਾਮਲੇ ਤੇ ਪਾਕਿਸਤਾਨ ਸਰਕਾਰ ਨਾਲ ਗੱਲ ਕਰਨ।